ਪੰਜਾਬੀ ਸਿਨੇਮਾ ਇੱਕ ਵੱਖਰੇ ਪੱਧਰ ਉੱਤੇ ਦਿਨੋਂ ਦਿਨ ਪੌੜੀਆਂ ਚੜਦਾ ਜਾ ਰਿਹਾ ਹੈ| ਨਿੱਤ ਨਵੇਂ ਵਿਸ਼ੇ ਉੱਤੇ ਫ਼ਿਲਮਾਂ ਬਣਾਈਆਂ ਜਾ ਰਹੀਆਂ ਹਨ| ਦਰਸ਼ਕ ਵਰਗ ਵੀ ਹੁਣ ਬਹੁਤ ਸਿਆਣਾ ਹੋ ਗਿਆ ਹੈ| ਅੱਜ ਇਸੇ ਸਿਆਣੇ ਹੋਏ ਦਰਸ਼ਕ ਵਰਗ ਵਿਚ ਇੱਕ ਆਪਣੀ ਪਛਾਣ ਬਣਾਈ ਹੈ ਫਿਲਮ “ਹਰਜੀਤਾ” ਨੇ|
ਐਮੀ ਵਿਰਕ ਨੇ ਹਰਜੀਤ ਸਿੰਘ ਤੁਲੀ ਦਾ ਕਿਰਦਾਰ ਨਿਭਾਇਆ ਹੈ| ਜੋ ਕਿ ਭਾਰਤੀ ਹਾਕੀ ਟੀਮ ਦਾ ਕਪਤਾਨ ਰਿਹਾ ਹੈ ਅਤੇ ਜਿਸਦੀ ਕਪਤਾਨੀ ਹੇਠ ਭਾਰਤੀ ਹਾਕੀ ਟੀਮ 2016 ਵਿੱਚ ਵਿਸ਼ਵ ਕੱਪ ਜੀਤੀ ਸੀ| ਹਰਜੀਤ ਸਿੰਘ ਦੇ ਜੀਵਨ ਤੇ ਅਧਾਰਿਤ ਇਹ ਫਿਲਮ ਹਰ ਪੱਖ ਤੋਂ ਸੰਪੂਰਨ ਫਿਲਮ ਹੈ| ਚਾਹੇ ਗੱਲ ਕਹਾਣੀ ਦੀ ਹੋਵੇ, ਕਿਰਦਾਰਾਂ ਦੀ ਹੋਵੇ ਕਿਰਦਾਰਾਂ ਵਿਚਲੇ ਜੋਸ਼ ਦੀ ਹੋਵੇ ਜਾਂ ਨਿਰਦੇਸ਼ਨ ਦੀ ਹੋਵੇ|
ਕਹਾਣੀ ਸ਼ੁਰੂ ਹੁੰਦੀ ਹੈ “ਤੁਲੀ” ਨਾਂ ਦੇ ਜਵਾਕ ਤੋਂ ਜੋ ਰਬੜ ਦੀ ਨਿੱਕਰ ਲੈਣ ਲਈ ਹਾਕੀ ਖੇਡਣ ਲੱਗ ਜਾਂਦਾ ਹੈ ਅਤੇ ਹੋਲੀ ਹੋਲੀ ਵਿਸ਼ਵ ਕੱਪ ਨੂੰ ਹੱਥ ਪਾ ਲੈਂਦਾ ਹੈ| ਤੁਲੀ ਕੋਈ ਵੱਡੇ ਲਕਸ਼ ਨਹੀਂ ਬਣਾਉਦਾ ਬੱਸ ਛੋਟੇ ਛੋਟੇ ਕਾਰਨਾਂ ਕਰਕੇ ਕੁਝ ਵੱਡਾ ਕਰ ਜਾਂਦਾ ਹੈ| ਤੁਲੀ ਦਾ ਵੱਡਾ ਭਰਾ (ਰਾਜ ਸਿੰਘ ਝਿੰਜਰ) ਇੱਕ ਸੰਜੀਦਾ ਸੋਚ ਦਾ ਮਲਿਕ ਹੈ| ਉਹ ਜਾਣਦਾ ਹੁੰਦਾ ਹੈ ਕਿ ਤੁਲੀ ਕੁਝ ਵੱਡਾ ਕਰ ਸਕਦਾ ਹੈ ਬਸ ਸਹੀ ਮਾਰਗਦਰਸ਼ਕ ਦੀ ਲੋੜ ਹੈ ਤੇ ਉਹ ਤੁਲੀ ਨਾਲ ਕਰ ਔਖੇ ਸੌਖੇ ਮੋੜ ਤੇ ਖੜਾ ਦਿਸਦਾ ਹੈ| ਤੁਲੀ ਦੀ ਮਾਂ ਨੂੰ ਉਸਤੋਂ ਕੋਈ ਖਾਸ ਉਮੀਦ ਨਹੀਂ ਹੁੰਦੀ ਉਹ ਬਸ ਚਾਹੁੰਦੀ ਹੈ ਕਿ ਉਹ ਉਸਦਾ ਕਹਿਣਾ ਮੰਨੇ ਅਤੇ ਆਮ ਜ਼ਿੰਦਗੀ ਜਿਵੇ|
ਪਰ ਤੁਲੀ ਦੀ ਕਿਸਮਤ ਵਿੱਚ ਕੁਝ ਹੋਰ ਹੀ ਲਿਖਿਆ ਸੀ| ਇੱਕ ਚਿੰਗਾਰੀ ਨੂੰ ਭਾਂਬੜ ਬਣਾਉਣ ਲਈ ਦਾਖਲ ਹੁੰਦੇ ਹਨ ਕੋਚ ਸਾਬ, ਪੰਕਜ ਤਰਿਪਾਠੀ| ਬਾਲੀਵੁੱਡ ਦਾ ਇਹ ਜਾਣਿਆ ਪਛਾਣਿਆ ਚਿਹਰਾ ਪੰਜਾਬੀ ਫਿਲਮ ਵਿੱਚ ਦੇਖਣਾ ਆਪਣੇ ਆਪ ਵਿਚ ਇੱਕ ਰੋਮਾਂਚਕ ਗੱਲ ਹੈ| ਆਪਣੇ ਖਿਡਾਰੀ ਦੇ ਹੁਨਰ ਨੂੰ ਜਾਂਚਣਾ, ਪਰਖਣਾ ਇੱਕ ਕੋਚ ਦਾ ਪਹਿਲਾ ਕੰਮ ਹੈ ਜੋ ਓਹਨਾ ਨੇ ਬਖੂਬੀ ਨਿਭਾਇਆ ਹੈ| ਹੁਣ ਤੁਲੀ ਵੱਡਾ ਹੋ ਗਿਆ ਹੈ ਅਤੇ ਜੂਨੀਅਰ ਹਾਕੀ ਟੀਮ ਵਿਚ ਸ਼ਾਮਿਲ ਹੋ ਜਾਂਦਾ ਹੈ| ਇਥੇ ਉਸਦੀ ਮੁਲਾਕਾਤ ਹੁੰਦੀ ਹੈ ਅਰਪਣ (ਸਾਵਣ ਰੂਪੋਵਾਲੀ) ਨਾਲ ਜੋ ਉਸਨੂੰ ਜ਼ਿੰਦਗੀ ਹੰਢਾਉਣ ਦਾ ਹੁਨਰ ਸਿਖਾਉਂਦੀ ਹੈ| ਆਪਣੀ ਪਹਿਲੀ ਫਿਲਮ ਹੋਣ ਦੇ ਬਾਵਜੂਦ ਵੀ ਉਹ ਪਰਦੇ ਤੇ ਓਪਰੀ ਨਹੀਂ ਲਗਦੀ| ਜਿਥੇ ਕੀਤੇ ਵੀ ਹਰਜੀਤ ਸਿੰਘ ਡੋਲਦਾ ਨਜ਼ਰ ਆਉਂਦਾ ਹੈ ਓਥੇ ਹੀ ਉਸਦੀ ਜ਼ਿੰਦਗੀ ਦੇ ਤਿੰਨੋ ਥੰਮ (ਵੱਡਾ ਭਰਾ, ਕੋਚ ਸਾਬ ਅਤੇ ਅਰਪਣ) ਉਸਨੂੰ ਸੰਭਾਲ ਲੈਂਦੇ ਹਨ ਅਤੇ ਇਹਨਾਂ ਸਹਾਰੇ ਹੀ ਉਹ ਵਿਸ਼ਵ ਕੱਪ ਪਾਉਣ ਵਿੱਚ ਸਫਲ ਹੋ ਜਾਂਦਾ ਹੈ|
ਫਿਲਮ ਆਪਣੇ ਆਪ ਵਿੱਚ ਇੱਕ ਮਿਸਾਲ ਹੈ| ਨਿਰਦੇਸ਼ਕ ਵਿਜੈ ਕੁਮਾਰ ਅਰੋੜਾ ਨੇ ਸਾਰੀ ਫਿਲਮ ਵਿੱਚ ਬੰਨੀ ਰੱਖਿਆ ਹੈ| ਜਗਦੀਪ ਸਿੱਧੂ ਦੀ ਇਸ ਕਹਾਣੀ ਨਾਲ ਕਈ ਪਿੰਡ ਦੇ ਮੁੰਡੇ ਆਪਣੇ ਆਪ ਨੂੰ ਜੋੜਨ ਦੀ ਕੋਸ਼ਿਸ਼ ਕਰਨਗੇ| ਪਰਦੇ ਤੇ ਫਿਲਮ ਨੂੰ ਇਸ ਤਰਾਂ ਫਿਲਮਾਇਆ ਗਿਆ ਹੈ ਕਿ ਲਗਦਾ ਹੀ ਨਹੀਂ ਕਿ ਕੋਈ ਫਿਲਮ ਚਲ ਰਹੀ ਹੈ, ਇਹ ਕਿਸੇ ਦੀ ਜ਼ਿੰਦਗੀ ਦਾ ਦ੍ਰਿਸ਼ ਹੀ ਲਗਦਾ ਹੈ| ਫਿਲਮ ਦਾ ਸੰਗੀਤ ਵੀ ਫਿਲਮ ਦੀ ਕਹਾਣੀ ਦੇ ਹਿਸਾਬ ਨਾਲ ਜੋੜ ਕੇ ਰੱਖਦਾ ਹੈ|
ਫਿਲਮ ਵਿੱਚ ਕਾਫੀ ਦ੍ਰਿਸ਼ ਇਹੋ ਜਿਹੇ ਹਨ ਜੋ ਤੁਹਾਨੂੰ ਭਾਵੁਕ ਕਰ ਦਿੰਦੇ ਹਨ| ਕਹਾਣੀ ਦਾ ਮਿਆਰ ਇਨ੍ਹਾਂ ਉੱਪਰ ਚਲਾ ਜਾਂਦਾ ਹੈ ਕਿ ਸ਼ਬਦ ਹੀ ਮੁੱਕ ਜਾਂਦੇ ਹਨ|
ਐਮੀ ਵਿਰਕ ਨੇ ਇਸ ਫਿਲਮ ਲਈ ਜਿੰਨੀ ਮਿਹਨਤ ਕੀਤੀ ਉਹ ਦਰਸ਼ਕਾਂ ਨੇ ਖਿੜੇ ਮੱਥੇ ਲਈ| ਪੰਜਾਬੀ ਸਿਨੇਮੇ ਨੂੰ ਉੱਚਾ ਚੁੱਕਣ ਵਿੱਚ ਇਹੋ ਜਿਹੇ ਹੋਣਹਾਰ ਕਿਰਦਾਰਾਂ ਅਤੇ ਇਹੋ ਜਿਹੀਆਂ ਫ਼ਿਲਮਾਂ ਦਾ ਬਹੁਤ ਵੱਡਾ ਹੱਥ ਹੋਵੇਗਾ|
ਯੋਗੇਸ਼ ਵਰਮਾ
ਪੰਜਾਬੀ ਫ਼ਰੰਟ