ਪੰਜਾਬ ਦਾ ਪਾਣੀ ਮੈਂ,
ਲੋਕਾਂ ਜ਼ਹਿਰ ਬਣਾ ਦਿੱਤਾ, ਅੰਮ੍ਰਿਤ ਦਾ ਹਾਣੀ ਮੈਂ
ਪੰਜਾਬ ਦਾ ਪਾਣੀ ਮੈਂ…
ਇਹ ਸਤਰਾਂ ਅੱਜ ਪੰਜਾਬ ਦਾ ਪਾਣੀ ਕਹਿ ਰਿਹਾ ਹੈ| ਉਦਯੋਗਿਕ ਕ੍ਰਾਂਤੀ ਦੇ ਸਿਰ ਤੇ ਸਾਨੂੰ ਜਿਸ ਤਰੱਕੀ ਦਾ ਇਹਸਾਸ ਹੋ ਰਿਹਾ ਹੈ ਉਸਦੀ ਅਸਲ ਕੀਮਤ ਤੋਂ ਅਸੀਂ ਹਲੇ ਤੱਕ ਜਾਣੂ ਹੀ ਨਹੀਂ ਹੋਏ ਹਾਂ| ਨਿੱਤ ਅਸੀਂ ਕਿੰਨੇ ਹੀ ਹਜ਼ਾਰਾਂ ਲੀਟਰ ਪਾਣੀ ਬਰਬਾਦ ਕਰੀ ਜਾ ਰਹੇ ਹਾਂ, ਪੀਣ ਵਾਲੇ ਪਾਣੀ ਵਿੱਚ ਜ਼ਹਿਰ ਘੋਲ ਰਹੇ ਹਾਂ| ਕਹਿੰਦੇ ਹਨ ਜੇ ਤੀਸਰਾ ਵਿਸ਼ਵ ਯੁੱਧ ਹੋਇਆ ਤਾਂ ਉਹ ਪਾਣੀ ਨੂੰ ਲੈ ਕੇ ਹੀ ਹੋਵੇਗਾ| ਕਿਉਂਕਿ ਪੀਣ ਵਾਲਾ ਪਾਣੀ ਤਾਂ ਦੀਨੋ ਦਿਨ ਘਟਦਾ ਜਾ ਰਿਹਾ ਹੈ| ਜਦ ਪਾਣੀ ਹੀ ਨਹੀਂ ਹੋਵੇਗਾ ਤਾਂ ਮਨੁੱਖੀ ਜ਼ਿੰਦਗੀ ਖਤਰੇ ਵਿਚ ਪੈ ਜਾਵੇਗੀ ਅਤੇ ਹਰ ਕੋਈ ਪੀਣ ਵਾਲੇ ਪਾਣੀ ਲਈ ਸੰਘਰਸ਼ ਕਰਦਾ ਨਜ਼ਰ ਆਵੇਗਾ|
ਇਸ ਹੋਣ ਵਾਲੀ ਦੁਰਦਸ਼ਾ ਤੇ ਇੱਕ ਝਾਤ ਪਾਉਂਦਾ ਗੀਤ ਹੈ “ਪਾਣੀ ਦੀ ਹੂਕ”
ਪੰਜਾਬੀ ਗਾਇਕ ਮਨਮੋਹਨ ਵਾਇਰਸ ਅਤੇ ਕਮਲ ਹੀਰ ਦੇ ਗਾਏ ਇਸ ਗੀਤ ਨੇ ਅੰਦਰ ਤੱਕ ਝੰਜੋੜ ਕੇ ਰੱਖ ਦਿੱਤਾ ਹੈ | ਗੀਤ ਵਿਚ ਦਿਖਾਏ ਗਏ ਦ੍ਰਿਸ਼ ਧੁਰ ਅੰਦਰ ਤੱਕ ਸੋਚਣ ਲਈ ਮਜਬੂਰ ਕਰ ਦਿੰਦੇ ਹਨ|
“ਤੇਜ਼ਾਬ ਤੇ ਗੰਦਗੀ ਨੂੰ ਮੇਰੇ ਵਿਚ ਘੋਲ ਦਿੱਤਾ
ਜ਼ਹਿਰੀਲੀਆਂ ਖਾਦਾਂ ਨੂੰ ਮੇਰੇ ਵਿਚ ਡੋਲ ਦਿੱਤਾ
ਮੈਨੂੰ ਕੈਂਸਰ ਕਹਿੰਦੇ ਨੇ ਸੀ ਗੁਰਾਂ ਦੀ ਬਾਣੀ ਮੈਂ
ਪੰਜਾਬ ਦਾ ਪਾਣੀ ਮੈਂ…”
ਹੁਣ ਤੱਕ ਤਾਂ ਜਿਵੇ ਕਿਵੇਂ ਕਰਕੇ ਪਾਣੀ ਦਾ ਅਸੀਂ ਕੋਈ ਸਰੋਤ ਜੁਟਾ ਲੈਂਦੇ ਹਾਂ ਪਰ ਆਉਣ ਵਾਲਾ ਸਮਾਂ ਬਹੁਤ ਮਾੜਾ ਆਉਣ ਵਾਲਾ ਹੈ| ਜਦ ਪੀਣ ਵਾਲੇ ਪਾਣੀ ਤੋਂ ਕੈਂਸਰ ਹੋਣ ਜੱਗ ਜਾਵੇ ਇਸਤੋਂ ਮਾੜੀ ਗੱਲ ਹੋ ਵੀ ਕਿਹੜੀ ਸਕਦੀ ਹੈ| ਅਸੀਂ ਧਰਤੀ ਉੱਪਰਲੇ ਅਤੇ ਧਰਤੀ ਥਲੜੇ ਪਾਣੀ ਨੂੰ ਤਾਂ ਗੰਦਾ ਕੀਤਾ ਹੀ ਹੈ ਮੀਹ ਵਾਲੇ ਪਾਣੀ ਨੂੰ ਵੀ ਨਹੀਂ ਬਖਸ਼ਿਆ| ਤੇਜ਼ਾਬੀ ਵਰਖਾ ਹੋਣਾ ਹੁਣ ਆਮ ਜਿਹੀ ਗੱਲ ਹੋ ਗਈ ਹੈ|
ਗੀਤ ਰਾਹੀਂ ਇਹ ਦਸਿਆ ਜਾ ਰਿਹਾ ਹੈ ਕਿ ਹਲੇ ਵੀ ਕੁਝ ਬਚਾਅ ਹੋ ਸਕਦਾ ਹੈ| ਇੱਕ ਸੰਕੇਤ ਦਿੱਤਾ ਜਾ ਰਿਹਾ ਹੈ ਕਿ ਜੇ ਪਾਣੀ ਖਤਮ ਹੋ ਗਿਆ ਤਾਂ ਸਭ ਕੁਝ ਖਤਮ ਹੋ ਜਾਵੇਗਾ|
ਮੈਂ ਸੁੱਕ ਜਾਉ ਧਰਤੀ ਚੋ ਹਰਿਆਲੀ ਸੁੱਕ ਜਾਉ,
ਮੇਰੇ ਨਾਲ ਚੱਲੇ ਦੁਨੀਆ, ਮੈਂ ਰੁਕਿਆ ਜੱਗ ਰੁਕ ਜਾਉ,
ਜੇ ਮੰਗਲਾ ਮੈਂ ਮੁਕਿਆ ਹਰ ਜ਼ਿੰਦਗੀ ਮੁਕ ਜਾਉ
ਮੈਨੂੰ ਸਾਂਭ ਲਓ ਨਹੀਂ ਤਾਂ ਤੁਹਾਡੀ ਜਾਣ ਲੈ ਜਾਣੀ ਮੈਂ
ਪੰਜਾਬ ਦਾ ਪਾਣੀ ਮੈਂ….
ਮਨਮੋਹਨ ਵਾਰਿਸ, ਕਮਲ ਹੀਰ, ਸੰਗਤਾਰ, ਮੰਗਲ ਹਠੂਰ ਇਹਨਾਂ ਸਭ ਦਾ ਧੰਨਵਾਦ ਜਿਨ੍ਹਾਂ ਨੇ ਕਮਰਸ਼ੀਅਲ ਗਾਇਕੀ ਤੋਂ ਉੱਪਰ ਉੱਠ ਕੇ ਲੋਕਾਂ ਵਿੱਚ ਜਾਗਰੂਕਤਾ ਲਿਆਉਣ ਲਈ ਇਹ ਗੀਤ ਬਣਾਇਆ|
ਜੀ ਮੀਡਿਆ ਗਰੁੱਪ ਦੀ ਇਸ ਪੇਸ਼ਕਸ਼ “ਪਾਣੀ ਦੀ ਹੂਕ” ਨੂੰ ਸਾਨੂੰ ਵੱਧ ਤੋਂ ਵੱਧ ਭਰਵਾਂ ਹੁੰਗਾਰਾ ਦੇਣਾ ਚਾਹੀਦਾ ਹੈ ਕਿ ਆਉਣ ਵਾਲਿਆਂ ਨਸਲਾਂ ਨੂੰ ਬਚਾਇਆ ਜਾ ਸਕੇ|
ਇਹ ਗੀਤ ਡਾਕੂਮੈਂਟਰੀ ਫਿਲਮ “ਪਾਣੀ ਦੀ ਹੂਕ” ਦਾ ਹਿੱਸਾ ਹੈ ਜੋ ਕਿ ਡਾਕੂਮੈਂਟਰੀ ਦੇ ਉਦੇਸ਼ ਨੂੰ ਸਥਾਪਿਤ ਕਰਦਾ ਹੈ| ਡਾਕੂਮੈਂਟਰੀ ਦਾ ਪਹਿਲਾ ਐਪੀਸੋਡ 21 ਦਸੰਬਰ ਨੂੰ ਰਿਲੀਜ਼ ਕੀਤਾ ਜਾਵੇਗਾ| ਇਹ ਡਾਕੂਮੈਂਟਰੀ ਜੀ ਮੀਡਿਆ ਗਰੁੱਪ, ਪਲੈਨੇਟ ਵਨ ਫਾਊਂਡੇਸ਼ਨ ਅਤੇ ਗੁਰਸਰਬ ਪ੍ਰੋਡਕ੍ਸ਼ਨ੍ਸ ਦੀ ਪੇਸ਼ਕਾਰੀ ਹੈ|