124
ਪੰਜਾਬ ਭਰ ਦੇ ਸਿਨੇਮਾ ਘਰਾਂ ਵਿੱਚ ਸੱਗੀ ਫੁੱਲ ਫਿਲਮ ਰਿਲੀਜ਼ ਹੋ ਚੁੱਕੀ ਹੈ| ਪੂਰੇ ਪਰਿਵਾਰ ਨਾਲ ਬੈਠ ਕੇ ਦੇਖਣ ਵਾਲੀ ਇਸ ਫਿਲਮ ਦੇ ਮੁੱਖ ਕਿਰਦਾਰ ਹਨ ਰਵਿੰਦਰ ਪਵਾਰ, ਅਮਿਤੋਜ਼ ਸ਼ੇਰਗਿੱਲ, ਸੁੱਖੀ ਬਲ, ਨੀਟੂ ਪੰਧੇਰ, ਪ੍ਰੀਤ ਸਿਮਰਨ, ਗੁਰਪ੍ਰੀਤ ਭੰਗੂ, ਰਾਜ ਧਾਲੀਵਾਲ ਆਦਿ| ਫਿਲਮ ਦੀ ਕਹਾਣੀ ਕਈ ਸਮਾਜਿਕ ਕੁਰੀਤੀਆਂ ਨੂੰ ਬਿਆਨ ਕਰਦੀ ਹੈ| ਮੁੰਡੇ ਨਸ਼ੇ ਵੱਲ ਜਾ ਰਹੇ ਹਨ, ਪਿਓ ਆਪਣੀ ਪੱਗ ਗਹਿਣੇ ਧਰ ਕੇ ਕੁੜੀ ਦਾ ਵਿਆਹ ਠਾਠ ਬਾਠ ਨਾਲ ਕਰਨਾ ਚਾਹੁੰਦਾ ਹੈ, ਸ਼ਰੀਕਾਂ ਨੂੰ ਨੀਵਾਂ ਦਿਖਾਉਣਾ, ਚੁੱਕ ਵਿੱਚ ਆ ਜਾਣਾ ਆਦਿ| ਪੰਜਾਬ ਵਿੱਚ ਸਹਿਜੇ ਹੀ ਹਰ ਪਿੰਡ ਵਿੱਚ ਇਦਾਂ ਦਾ ਕੁਝ ਨਾ ਕੁਝ ਦੇਖਣ ਨੂੰ ਮਿਲ ਹੀ ਜਾਂਦਾ ਹੈ|
ਫਿਲਮ ਦੀ ਕਹਾਣੀ ਦੋ ਭਰਾਵਾਂ ਦੇ ਆਲੇ ਦੁਆਲੇ ਘੁੰਮਦੀ ਹੈ| ਮਾਂ ਦੀ ਮੌਤ ਤੋਂ ਬਾਅਦ ਭਾਈਆਂ ਵਿੱਚ ਜਾਇਦਾਦ ਦੀ ਵੰਡ ਹੋ ਜਾਂਦੀ ਹੈ| ਦੋਹਾਂ ਭਾਈਆਂ ਦੇ ਸੁਭਾ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ| ਇੱਕ ਆਪਣੇ ਦਸਾਂ ਨੌਹਾਂ ਦੀ ਕਿਰਤ ਕਰਨ ਵਿੱਚ ਖੁਸ਼ ਹੈ ਦੂਜਾ ਵੇਹਲਾ ਰਹਿ ਕੇ ਸਾਰੀ ਜ਼ਮੀਨ ਗਹਿਣੇ ਧਰ ਦਿੰਦਾ ਹੈ| ਇਹੀ ਸੋਚ ਦੋਹਾਂ ਭਾਈਆਂ ਵਿੱਚ ਈਰਖਾ, ਸਾੜ, ਸ਼ਾਰਿਕਪੁਣੇ ਦਾ ਕੰਮ ਕਰਦੀ ਹੈ| ਅਤੇ ਅੰਤ ਵਿਚ ਓਹੀ ਹੁੰਦਾ ਹੈ ਜੋ ਹੋਣਾ ਚਾਹੀਦਾ ਹੈ| ਬੁਰੇ ਕੰਮਾਂ ਦੀ ਸਜ਼ਾ ਵੀ ਬੁਰੀ ਹੁੰਦੀ ਹੈ| ਐਵੇਂ ਕਿਸੇ ਦੀ ਚੁੱਕ ਵਿੱਚ ਆਕੇ ਆਪਣਾ ਘਰ ਨਹੀਂ ਪੱਟਣਾ ਚਾਹੀਦਾ| ਫਿਲਮ ਵਿੱਚ ਦਿਖਾਇਆ ਗਿਆ ਹੈ ਕਿ ਸਰਦਾਰੀ ਹੱਕ ਸੱਚ ਦੀ ਕਮਾਈ ਵਿੱਚ ਹੁੰਦੀ ਹੈ ਨਾ ਕਿ ਦਾਜ ਵਿੱਚ ਮਿਲੀ ਜਮੀਨ ਵਿੱਚ ਅਤੇ ਨਾ ਹੀ ਕੁੰਡੀਆਂ ਮੁਛਾਂ ਰੱਖਣ ਵਿੱਚ|
ਸੱਗੀ ਫੁੱਲ ਦਾ ਅਰਥ ਫਿਲਮ ਵਿੱਚ ਵਿਰਾਸਤ ਨੂੰ ਅੱਗੇ ਵਧਾਉਣ ਤੋਂ ਹੈ, ਜੋ ਇੱਕ ਪੀੜੀ ਤੋਂ ਦੂਜੀ ਪੀੜੀ ਨੂੰ ਸੌਂਪੀ ਜਾਂਦੀ ਹੈ| ਸੱਗੀ ਫੁੱਲ ਦਾ ਗਹਿਣਾ ਮੁੰਡੇ ਦੇ ਵਿਆਹ ਸਮੇਂ ਘਰ ਵਿੱਚ ਆਈ ਨਵੀ ਬਹੁ ਨੂੰ ਦਿੱਤਾ ਜਾਂਦਾ ਹੈ| ਪਰ ਫਿਲਮ ਵਿੱਚ ਦਾਰੀ (ਰਵਿੰਦਰ ਪਵਾਰ) ਦਾ ਕੋਈ ਮੁੰਡਾ ਨਹੀਂ ਹੁੰਦਾ ਸਿਰਫ ਹਰਜੀਤ (ਪ੍ਰੀਤ ਸਿਮਰਨ) ਕੁੜੀ ਹੀ ਹੁੰਦੀ ਹੈ ਇਸ ਲਈ (ਸੁਖੀ ਬਲ) ਇਹ ਸੱਗੀ ਫੁੱਲ ਹਰਜੀਤ ਨੂੰ ਸੌਂਪ ਦਿੰਦੀ ਹੈ|ਤਾਂਜੋ ਉਸਦੇ ਦਿੱਤੇ ਸੰਸਕਾਰ ਅਗਲੀ ਪੀੜੀ ਤੱਕ ਪਹੁੰਚ ਜਾਣ|
ਫਿਲਮ ਨਿਰਦੇਸ਼ਕ ਨੇ ਕਹਾਣੀ ਨੂੰ ਬਹੁਤ ਚੰਗੀ ਤਰਾਂ ਸੰਭਾਲਿਆ ਹੈ| ਹਰ ਪੱਖ ਉੱਪਰ ਝਾਤ ਮਰਵਾਈ ਹੈ ਕਿ ਚੰਗੇ ਅਤੇ ਬੁਰੇ ਕਰਮਾਂ ਦਾ ਕਿ ਨਤੀਜਾ ਹੋ ਸਕਦਾ ਹੈ| ਫਿਲਮ ਦੇ ਕਿਰਦਾਰਾਂ ਨੇ ਵੀ ਆਪਣਾ ਪੂਰਾ ਵਧੀਆ ਪ੍ਰਦਰਸ਼ਨ ਕੀਤਾ ਹੈ| ਫਿਲਮ ਵਿੱਚ ਕਾਮੇਡੀ ਅਤੇ ਅਤੇ ਰੋਮਾਂਸ ਦਾ ਵੀ ਤੜਕਾ ਲਾਇਆ ਗਿਆ ਹੈ| ਸਾਰੀ ਫਿਲਮ ਦੇ ਦੌਰਾਨ ਇੱਕ ਵੀ ਅਜਿਹਾ ਦ੍ਰਿਸ਼ ਨਹੀਂ ਹੈ ਜੋ ਬੋਰੀਅਤ ਦਾ ਕਾਰਨ ਬਣੇ| ਸਿਰਫ ਅਰਥਪੂਰਨ ਸੀਨ ਹੀ ਫਿਲਮ ਵਿੱਚ ਸ਼ਾਮਿਲ ਕੀਤੇ ਗਏ ਹਨ|
ਮੀਆਂ ਬਖਤਾਵਰ ਦੀ ਇਹ ਕਹਾਣੀ ਪੰਜਾਬ ਦੀ ਸੱਚਾਈ ਦੇ ਕਾਫੀ ਨੇੜੇ ਹੈ| ਸ਼ਿਵਤਾਰ ਸ਼ਿਵ ਦਾ ਨਿਰਦੇਸ਼ਨ ਸ਼ਲਾਘਾਯੋਗ ਹੈ| ਦਲਜੀਤ ਸਿੰਘ ਦੇ ਸੰਗੀਤ ਦੀਆਂ ਧੁਨਾਂ ਕਾਫੀ ਚਰਚਿਤ ਰਹੀਆਂ ਹਨ| ਨਿੰਜਾ ਦਾ ਗਾਇਆ ਗੀਤ “ਜੱਟ ਮੇਲੇ ਆ ਗਿਆ” ਕਾਫੀ ਲੋਕਪ੍ਰਿਯ ਹੋਇਆ| ਨੂਰਾਂ ਸਿਸਟਰਸ, ਜਸਪਿੰਦਰ ਨਰੂਲਾ, ਯਾਕੂਬ ਆਦਿ ਦੇ ਗੇਟ ਵੀ ਕਾਫੀ ਮਕਬੂਲ ਹੋਏ|
ਸਾਲ ਦੀ ਪਹਿਲੀ ਰਿਲੀਜ਼ ਫਿਲਮ ਇੱਕ ਸਾਫ ਸੁਥਰੀ ਅਤੇ ਸਮਾਜ ਨੂੰ ਸਿਹਤ ਦੇਣ ਵਾਲੀ ਫਿਲਮ ਹੈ| ਆਉਣ ਵਾਲੇ ਸਾਲ ਵਿੱਚ ਵੀ ਸਾਨੂੰ ਉਮੀਦ ਹੈ ਕਿ ਚੰਗੀਆਂ ਫ਼ਿਲਮਾਂ ਬਣਨਗੀਆਂ|