ਐਮੀ ਵਿਰਕ ਇਕ ਹਰਫਨਮੌਲਾ ਕਲਾਕਾਰ ਹੈ| ਸੁਪਰ ਹਿੱਟ ਫਿਲਮ ਅੰਗਰੇਜ ਤੋਂ ਫ਼ਿਲਮੀ ਪਾਰੀ ਦੀ ਸ਼ੁਰੂਆਤ ਕਰਦਿਆਂ ਐਮੀ ਸਫਲਤਾ ਦੀਆਂ ਉਚਾਈਆਂ ਨੂੰ ਛੋਹਂਦਾ ਚਲਾ ਗਿਆ| ਆਪਣੀ ਗਿਣਤੀ ਸਫਲ ਗਾਇਕਾਂ ਵਿੱਚ ਦਰਜ਼ ਕਰਾਉਣ ਤੋਂ ਬਾਅਦ ਐਮੀ ਨੇ ਫ਼ਿਲਮੀ ਦੁਨੀਆ ਵਿਚ ਵੀ ਕਾਮਯਾਬੀ ਦੇ ਝੰਡੇ ਗੱਡੇ| ਐਮੀ ਨੇ ਸ਼ੁਰੂ ਤੋਂ ਹੀ ਆਪਣੀ ਚੋਣ ਦਾ ਬਹੁਤ ਧਿਆਨ ਰੱਖਿਆ ਹੈ ਚਾਹੇ ਗੱਲ ਗੀਤਾਂ ਦੀ ਹੋਵੇ ਜਾਂ ਫ਼ਿਲਮਾਂ ਦੀ| ਤਾਂਹੀ ਉਸਦਾ ਹਰ ਗੀਤ ਸਿਧੇ ਦਰਸ਼ਕਾਂ ਦੇ ਦਿਲਾਂ ਵਿਚ ਉਤਰਦਾ ਹੈ|
ਗੱਲ ਕਰੀਏ ਐਮੀ ਦੀ ਆਉਣ ਵਾਲੀ ਫਿਲਮ “ਹਰਜੀਤਾ” ਦੀ| ਮਸ਼ਹੂਰ ਹਾਕੀ ਖਿਡਾਰੀ ਹਰਜੀਤ ਸਿੰਘ ਤੁਲੀ ਦੀ ਜੀਵਨੀ ਤੇ ਅਧਾਰਿਤ ਇਹ ਫਿਲਮ 18 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ| ਇਸ ਫਿਲਮ ਨੂੰ ਕਰਨਾ ਐਮੀ ਲਈ ਇੱਕ ਚੈਂਲੇਂਜ ਹੀ ਸੀ| ਕਿਉਂਕਿ ਕਿਰਦਾਰ ਵਿਚ ਉੱਤਰਨ ਲਈ ਕਿਰਦਾਰ ਵਰਗਾ ਦਿਖਣਾ ਜ਼ਰੂਰੀ ਸੀ| ਇਸ ਲਈ ਐਮੀ ਨੇ ਬਹੁਤ ਕਰੜੀ ਮਿਹਨਤ ਕੀਤੀ ਅਤੇ ਸ਼ਰੀਰ ਨੂੰ ਖਿਡਾਰੀਆਂ ਦੀ ਤਰਾਂ ਢਾਲਿਆ| ਮੁੱਛ ਫੁੱਟਦੇ ਗੱਭਰੂ ਦਾ ਕਿਰਦਾਰ ਨਿਭਾਉਂਦਾ ਐਮੀ ਸਕਰੀਨ ਤੇ ਬਹੁਤ ਜੱਚ ਰਿਹਾ ਹੈ|
ਵਿਜੈ ਕੁਮਾਰ ਅਰੋੜਾ ਦੇ ਨਿਰਦੇਸ਼ਨ ਚ ਬਣੀ ਫਿਲਮ ਵਿੱਚ ਕਲਾਕਾਰਾਂ ਦੀ ਚੋਣ ਦਾ ਬਹੁਤ ਖਾਸ ਖਿਆਲ ਰੱਖਿਆ ਗਿਆ ਹੈ| ਐਮੀ ਵਿਰਕ ਦੇ ਵੱਡੇ ਭਰਾ ਨੂੰ ਨਿਭਾ ਰਹੇ ਹਨ ਰਾਜ ਸਿੰਘ ਝਿੰਜਰ ਜੋ “ਹਰਜੀਤੇ” ਨੂੰ ਸਹੀ ਰਾਹ ਤੇ ਪਾਉਂਦੇ ਦਿਖਾਈ ਦਿੰਦੇ ਹਨ| ਗੁਰਪੀਤ ਭੰਗੂ ਜੀ ਨੇ ਮਾਂ ਦਾ ਕਿਰਦਾਰ ਬਖੂਬੀ ਨਿਭਾਇਆ ਹੈ| ਪੰਕਜ ਤਰਿਪਾਠੀ ਨੇ ਇੱਕ ਪ੍ਰਭਾਵਸ਼ਾਲੀ ਕੋਚ ਦੀ ਭੂਮਿਕਾ ਅਦਾ ਕੀਤੀ ਹੈ| ਇਸ ਫਿਲਮ ਤੋਂ ਥੀਏਟਰ ਅਦਾਕਾਰਾ ਸਾਵਣ ਰੂਪੋਵਾਲੀ ਆਪਣਾ ਫ਼ਿਲਮੀ ਸਫ਼ਰ ਸ਼ੁਰੂ ਕਰ ਰਹੀ ਹੈ|
ਇਸ ਫਿਲਮ ਤੋਂ ਦਰਸ਼ਕਾਂ ਨੂੰ ਕਾਫੀ ਉਮੀਦਾਂ ਹਨ| ਪੰਜਾਬੀ ਸਿਨੇਮੇ ਨੂੰ ਉੱਪਰ ਲੈ ਕੇ ਜਾਣ ਵਿੱਚ ਦਮਦਾਰ ਵਿਸ਼ਾ ਵਸਤੂ ਵਾਲਿਆਂ ਫ਼ਿਲਮਾਂ ਦੀ ਲੋੜ ਹੈ| ਕੁਝ ਹੀ ਕਲਾਕਾਰ ਏਦਾਂ ਦੇ ਹੁੰਦੇ ਹਨ ਜੋ ਲੀਕ ਤੋਂ ਹਟਕੇ ਕੁਝ ਵੱਖਰਾ ਕਰਨ ਦਾ ਰਿਸ੍ਕ ਲੈਂਦੇ ਹਨ ਅਤੇ ਦਰਸ਼ਕਾਂ ਨੂੰ ਵੀ ਕੁਝ ਨਵਾਂ ਦਿਖਾਉਂਦੇ ਹਨ| ਉਮੀਦ ਕਰਦੇ ਹਾਂ ਪਬਲਿਕ ਇਸ ਫਿਲਮ ਨੂੰ ਭਰਵਾਂ ਹੁੰਗਾਰਾ ਦੇਵੇਗੀ| 18 ਮਈ ਨੂੰ ਆਪਣੇ ਨੇੜੇ ਦੇ ਸਿਨੇਮਾ ਘਰਾਂ ਵਿਚ ਦੇਖਣਾ ਨਾ ਭੁੱਲਿਓ ਹਰਜੀਤਾ ਫਿਲਮ|
ਟੀਮ ਪੰਜਾਬੀ ਫ਼ਰੰਟ