ਛੋਟੇ ਹੁੰਦੇ ਜਦ ਮਾਪਿਆਂ ਨੇ ਜਵਾਕਾਂ ਨੂੰ ਕਿਸੇ ਚੰਗੇ ਕੰਮ ਵੱਲ ਭੇਜਣਾ ਹੁੰਦਾ ਸੀ ਜਾਂ ਕਰਾਉਣਾ ਹੁੰਦਾ ਸੀ ਤਦ ਕਹਿੰਦੇ ਸਨ “ਚੱਲ ਮੇਰਾ ਪੁੱਤ”
ਤੇ ਅੱਜ ਵੀ ਓਸੇ ਤਰਜ਼ ਤੇ ਤੁਸੀਂ ਆਪਣੇ ਬੱਚਿਆਂ ਨੂੰ ਕਹਿ ਸਕਦੇ ਹੋ “ਚੱਲ ਮੇਰਾ ਪੁੱਤ” ਫਿਲਮ ਜ਼ਰੂਰ ਦੇਖ ਕੇ ਆਇਓ| ਫਿਲਮ ਦੇ ਦੋਨੋ ਭਾਗ ਆਪਣੇ ਆਪ ਵਿੱਚ ਇੱਕ ਵਿਲੱਖਣ ਤਸਵੀਰ ਪੇਸ਼ ਕਰਦੇ ਹਨ ਕਿ ਜਦ ਮਾਪਿਆਂ ਦਾ ਕੋਈ ਜਵਾਕ ਚਾਹੇ ਉਹ ਮੁੰਡਾ ਹੋਵੇ ਜਾਂ ਫਿਰ ਕੁੜੀ ਘਰ ਤੋਂ ਬਾਹਰ ਹੋਕੇ ਕਿਸ ਤਰਾਂ ਆਪਣੀ ਜ਼ਿੰਦਗੀ ਜਿਓੰਦਾ ਹੈ| ਬਾਹਰ ਰਹਿ ਕੇ ਕੀ ਕੀ ਔਕੜਾਂ ਉਸਨੂੰ ਪੇਸ਼ ਕਰਨੀਆਂ ਪੈਂਦੀਆਂ ਹਨ, ਇਹਨਾਂ ਸਭ ਗੱਲਾਂ ਦਾ ਸੁਮੇਲ ਹੈ ਫਿਲਮ “ਚੱਲ ਮੇਰਾ ਪੁੱਤ”
ਫਿਲਮ ਦੇ ਪਹਿਲੇ ਭਾਗ ਦੀ ਤਰਾਂ ਹੀ ਫਿਲਮ ਦਾ ਇਹ ਭਾਗ ਵੀ ਚੜਦੇ ਅਤੇ ਲਹਿੰਦੇ ਪੰਜਾਬ ਦੇ ਓਹਨਾ ਲੋਕਾਂ ਬਾਰੇ ਗੱਲ ਕਰਦਾ ਹੈ ਜੋ ਆਪਣਾ ਘਰ ਛੱਡ ਕੇ ਬਾਹਰਲੇ ਦੇਸ਼ਾਂ ਵਿੱਚ ਦਿਹਾੜੀਆਂ ਕਰਨ ਤੇ ਮਜਬੂਰ ਹੋ ਜਾਂਦੇ ਹਨ| ਕੋਈ ਬਾਹਰ ਪੱਕਾ ਹੋਣਾ ਚਾਹੁੰਦਾ ਹੈ, ਕਿਸੇ ਨੇ ਆਪਣੇ ਮਾਪਿਆਂ ਦਾ ਕਰਜਾ ਲਾਹੁਣਾ ਹੁੰਦਾ ਹੈ|
ਫਿਲਮ ਦੇ ਇਸ ਭਾਗ ਵਿੱਚ ਜਿੰਦਰ (ਅਮਰਿੰਦਰ ਗਿੱਲ) ਪੱਕੇ ਹੋਣ ਦੀ ਜੱਦੋ ਜਹਿਦ ਕਰ ਹੀ ਰਿਹਾ ਹੁੰਦਾ ਹੈ ਕੀ ਕੁਝ ਨਾ ਕੁਝ ਗੜਬੜ ਹੋ ਜਾਂਦੀ ਹੈ| ਫਿਲਮ ਵਿੱਚ ਗੈਰੀ ਸੰਧੂ ਦੀ ਸ਼ਮੂਲੀਅਤ ਨਾਲ ਜਿੰਦਰ ਅਤੇ (ਸੈਵੀ) ਸਿਮੀ ਚਾਹਲ ਦੀ ਪ੍ਰੇਮ ਕਹਾਣੀ ਵਿੱਚ ਕਈ ਮੋੜ ਆਉਂਦੇ ਜਾਂਦੇ ਹਨ| ਇਸ ਵਾਰ ਪਾਕਿਸਤਾਨ ਦੇ ਹੀ ਦੋ ਹੋਰ ਮਸ਼ਹੂਰ ਕਿਰਦਾਰਾਂ ਨੂੰ ਸ਼ਾਮਿਲ ਕੀਤਾ ਗਿਆ ਹੈ| ਜਾਫਰੀ ਖਾਨ ਜਿਨਾਂ ਨੇ “ਬਿਲਾਲ” ਵਕੀਲ ਦਾ ਕਿਰਦਾਰ ਨਿਭਾਇਆ ਹੈ ਅਤੇ ਰੂਬੀ ਅਨਾਮ ਜਿਨਾਂ ਨੇ ਮਕਾਨ ਮਾਲਕਿਨ ਦਾ ਕਿਰਦਾਰ ਨਿਭਾਇਆ ਹੈ|
ਫਿਲਮ ਦੀ ਕਹਾਣੀ ਨਾਲ ਸਹਿਜੇ ਹੀ ਆਪਣੇ ਨੂੰ ਜੋੜਿਆ ਜਾ ਸਕਦਾ ਹੈ| ਹਰ ਉਹ ਮੁੰਡਾ ਕੁੜੀ ਜੋ ਆਪਣੇ ਘਰ ਤੋਂ ਬਾਹਰ ਰਹਿ ਰਿਹਾ ਹੈ ਉਹ ਇਸ ਫਿਲਮ ਵਿਚ ਦਿਖਾਈਆਂ ਜਾਂ ਵਾਲਿਆਂ ਔਕੜਾਂ ਨੂੰ ਚੰਗੀ ਤਰਾਂ ਸਮਝ ਸਕਦਾ ਹੈ| ਫਿਲਮ ਨਿਰਦੇਸ਼ਕ ਜਨਜੋਤ ਸਿੰਘ ਨੇ ਫਿਲਮ ਦੀ ਕਹਾਣੀ ਅਤੇ ਕਿਰਦਾਰਾਂ ਨੂੰ ਯਥਾਰਥ ਦੇ ਬਹੁਤ ਨੇੜੇ ਰੱਖਣ ਦੀ ਕੋਸ਼ਿਸ਼ ਕੀਤੀ ਹੈ| ਰਾਕੇਸ਼ ਧਵਨ ਨੇ ਬਹੁਤ ਦਿਲ ਟੁੰਗਵੇ ਸੰਵਾਦ ਲਿਖੇ ਹਨ|
ਕੁਲ ਮਿਲਾ ਕੇ ਫਿਲਮ ਹਰ ਉਮਰ ਦੇ ਦਰਸ਼ਕ ਵਰਗ ਦਾ ਮਨੋਰੰਜਨ ਕਰਦੀ ਹੈ ਅਤੇ ਸਿੱਖਣ ਲਾਇਕ ਬਹੁਤ ਨਸੀਹਤਾਂ ਦਿੰਦੀ ਹੈ|