ਕਾਨਜ਼ ਪਹੁੰਚੀ ” ਸਾਡੇ ਆਲੇ” ਫਿਲਮ ਦੀ ਕਾਸਟਿਊਮ ਡਿਜ਼ਾਈਨਰ – ਅਮ੍ਰਤ ਕੌਰ ਸੰਧੂ
ਕਿਸੇ ਫਿਲਮ ਨੂੰ ਹਿੱਟ ਕਰਨ ਵਿੱਚ ਜਿਨ੍ਹਾਂ ਯੋਗਦਾਨ ਡਾਇਰੈਕਟਰ ਦਾ ਹੁੰਦਾ ਹੈ ਓਨਾ ਹੀ ਦੂਜੇ ਵਿਭਾਗਾਂ ਦਾ ਵੀ ਹੁੰਦਾ ਹੈ | ਭਾਵੇਂ ਗੱਲ ਕਹਾਣੀਕਾਰ ਦੀ ਕਰੀਏ ਜਾਂ ਸੈੱਟ ਡਿਜ਼ਾਈਨਰ ਦੀ ਜਾਂ ਕਾਸਟਿਊਮ ਡਿਜ਼ਾਈਨਰ ਦੀ| ਜੇ ਇੱਕ ਵੀ ਵਿਭਾਗ ਪਿੱਛੇ ਰਹਿ ਗਿਆ ਤਾਂ ਫਿਲਮ ਤੇ ਉਸਦਾ ਸਿੱਧਾ ਅਸਰ ਪੈਂਦਾ ਹੈ| ਗੱਲ ਕਰਦੇ ਹਾਂ ਕਾਸਟਿਊਮ ਡਿਜ਼ਾਈਨਰ ਵਿਭਾਗ ਦੀ| ਫਿਲਮ ਦੇ ਹੀਰੋ, ਹੀਰੋਇਨ ਜਾਂ ਕਿਸੇ ਹੋਰ ਕਲਾਕਾਰ ਨੇ ਕਿ ਪਾਉਣਾ ਹੈ ਇਹ ਸਭ ਡਿਜ਼ਾਈਨਰ ਹੀ ਤੈ ਕਰਦਾ ਹੈ| ਫਿਲਮ ਦੇ ਸੀਨਾਂ ਦੇ ਮੁਤਾਬਿਕ ਕਲਾਕਾਰ ਨੂੰ ਕਪੜੇ ਪਵਾਏ ਜਾਂਦੇ ਹਨ ਤਾਕਿ ਦ੍ਰਿਸ਼ ਨੂੰ ਪਰਦੇ ਤੇ ਸਜੀਵ ਰੂਪ ਦਿੱਤਾ ਜਾ ਸਕੇ|
“ਇੱਕ ਵਾਰ ਫਿਲਮ ਦੀ ਕਹਾਣੀ ਤੁਹਾਡੇ ਦਿਮਾਗ ਵਿੱਚ ਬੈਠ ਗਈ ਤਾਂ ਤੁਹਾਨੂੰ ਖੁਦ ਕੱਪੜੇ ਡਿਜ਼ਾਈਨ ਕਰਨ ਦੀ ਲੋੜ ਨਹੀਂ ਹੁੰਦੀ ਸਭ ਆਪੇ ਹੁੰਦਾ ਚਲਾ ਜਾਂਦਾ ਹੈ” ਇਹ ਕਹਿਣਾ ਹੈ “ਸਾਡੇ ਆਲੇ” ਫਿਲਮ ਦੀ ਕਾਸਟਿਊਮ ਡਿਜ਼ਾਈਨਰ “ਅਮ੍ਰਤ ਕੌਰ ਸੰਧੂ” ਦਾ|
ਯੂ. ਪੀ. ਦੇ ਜ਼ਿਲਾ ਬਿਜਨੌਰ ਦੇ ਪਿੰਡ ਕੁਆ ਖੇੜਾ ਦੀ ਜੰਮਪਲ ਅਮ੍ਰਤ ਨੇ ਆਪਣੀ ਪੜਾਈ ਬੀ. ਐਸ. ਸੀ. ਚ ਬਤੌਰ ਫੈਸ਼ਨ ਡਿਜ਼ਾਈਨਰ ਕੀਤੀ| ਸਾਲ 2010 ਵਿਚ ਆਈ ਫਿਲਮ ਕੱਬਡੀ ਇੱਕ ਮੋਹੱਬਤ ਫਿਲਮ ਤੋਂ ਉਸਨੇ ਆਪਣੀ ਫ਼ਿਲਮੀ ਪਾਰੀ ਦੀ ਸ਼ੁਰੂਆਤ ਕੀਤੀ ਸੀ| ਉਸਦੇ ਕੰਮ ਨੂੰ ਕਾਫੀ ਸਰਾਹਿਆ ਗਿਆ| ਪਰ ਉਦੋਂ ਪੰਜਾਬੀ ਫਿਲਮ ਇੰਡਸਟਰੀ ਬਦਲ ਰਹੀ ਸੀ ਅਤੇ ਅਮ੍ਰਤ ਇਹ ਜਾਣ ਚੁਕੀ ਸੀ ਕਿ ਸਿਰਫ ਕਪੜਿਆਂ ਨੂੰ ਡਿਜ਼ਾਈਨ ਕਰਕੇ ਹੀ ਅੱਗੇ ਨਹੀਂ ਵਧਿਆ ਜਾ ਸਕਦਾ ਇਸਦੇ ਨਾਲ ਨਾਲ ਕਿਰਦਾਰਾਂ ਅਤੇ ਕਹਾਣੀ ਦੀ ਸਮਝ ਰੱਖਣੀ ਵੀ ਬਹੁਤ ਜ਼ਰੂਰੀ ਹੈ| ਇਸ ਲਈ ਉਸਨੇ ਸਾਹਿਤ, ਸਭਿਆਚਾਰ ਅਤੇ ਰੰਗਮੰਚ ਦੀ ਜਾਣਕਾਰੀ ਲਈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਥੇਟਰ ਦੀ ਡਿਗਰੀ ਲਈ| ਉੱਥੇ ਰਹਿ ਕੇ ਉਸਨੇ ਕਲਾ ਜਗਤ ਦੀ ਬਾਰੀਕੀਆਂ ਨੂੰ ਸਮਝਿਆ ਅਤੇ ਥੇਟਰ ਦੇ ਨਾਮਵਰ ਕਲਾਕਾਰਾਂ ਨਾਲ ਕੰਮ ਕੀਤਾ|
ਹੁਣ ਤੱਕ ਅਮ੍ਰਤ ਪੰਜਾਬੀ ਫ਼ਿਲਮਾਂ ਜਿਵੇਂ ਦੋ ਬੋਲ, ਬਿਗ ਡੈਡੀ, ਜ਼ੋਰ ਦੱਸ ਨੰਬਰੀਆ, ਸਾਡੇ ਆਲੇ ਅਤੇ ਹੁਣ ਪਿੰਡ ਫਿਲਮ ਲਈ ਕਾਸਟਿਊਮ ਡਿਜ਼ਾਈਨ ਕਰ ਚੁੱਕੀ ਹੈ| ਰੰਗ ਪੰਜਾਬ ਫਿਲਮ ਵੀ ਜਲਦੀ ਰਿਲੀਜ਼ ਹੋਵੇਗੀ|
ਅਮ੍ਰਤ ਦਾ ਕਹਿਣਾ ਹੈ ਕਿ ਸਿਰਫ ਕਪੜੇ ਖਰੀਦਣ ਨਾਲ ਹੀ ਤੁਹਾਡਾ ਕੰਮ ਪੂਰਾ ਨਹੀਂ ਹੋ ਜਾਂਦਾ| ਫਿਲਮ ਦੀ ਕਹਾਣੀ ਵਿੱਚ ਵੜਨਾ ਪੈਂਦਾ ਹੈ| ਫਿਲਮ ਦਾ ਵਿਸ਼ਾ ਵਸਤੂ ਕੀ ਹੈ, ਦ੍ਰਿਸ਼ ਦੀ ਮੰਗ ਕੀ ਹੈ, ਕਿਰਦਾਰਾਂ ਦਾ ਸੁਭਾਅ, ਨਿਰਦੇਸ਼ਕ ਦੀ ਸੋਚ, ਕੈਮਰਾਮੈਨ ਦੀ ਤਕਨੀਕ ਆਦਿ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈ| ਫਿਲਮ ਦੇ ਸੈੱਟ ਉੱਤੇ ਕੁਝ ਵੀ ਹੋ ਸਕਦਾ ਹੈ| ਕਿਸੇ ਵੀ ਘੜੀ ਲਈ ਤੁਹਾਨੂੰ ਤਿਆਰ ਰਹਿਣਾ ਪੈਂਦਾ ਹੈ| ਕਈ ਵਾਰ ਲੋੜੀਂਦਾ ਸਮਾਂ ਵੀ ਨਹੀਂ ਹੁੰਦਾ ਪਰ ਫਿਰ ਵੀ ਕੰਮ ਮੌਕੇ ਤੇ ਕਰਕੇ ਦੇਣਾ ਪੈਂਦਾ ਹੈ| ਕੋਈ ਪੱਕੀ ਰਣਨੀਤੀ ਕੰਮ ਨਹੀਂ ਆਉਂਦੀ|
ਸਾਡੇ ਆਲੇ ਫਿਲਮ ਬਾਰੇ ਉਹ ਖਾਸ ਤੌਰ ਤੇ ਦੀਪ ਸਿੱਧੂ ਦਾ ਸ਼ੁਕਰੀਆ ਕਰਨਾ ਚਾਹੁੰਦੀ ਹੈ ਜਿਹਨਾਂ ਦੀ ਮਿਹਨਤ ਸਦਕਾ ਫਿਲਮ ਦਾ ਟ੍ਰੇਲਰ ਕਾਨ੍ਸ ਵਿੱਚ ਦਿਖਾਇਆ ਗਿਆ ਅਤੇ ਉਸ ਨੂੰ ਇਸ ਫਿਲਮ ਦਾ ਹਿੱਸਾ ਬਣਨ ਦਾ ਮੌਕਾ ਦਿੱਤਾ| ਉਸਨੇ ਸਾਰੀ ਟੀਮ ਨੂੰ ਅਤੇ ਨਿਰਦੇਸ਼ਕ ਜਤਿੰਦਰ ਮੌਹਰ ਨੂੰ ਵਧਾਈਆਂ ਦਿਤੀਆਂ|
ਅਸੀਂ ਉਮੀਦ ਕਰਦੇ ਹਾਂ ਅਮ੍ਰਤ ਆਉਣ ਵਾਲੇ ਦਿਨਾਂ ਚ ਨਵੀਆਂ ਸਿਖਰਾਂ ਨੂੰ ਛੋਵੇਗੀ|