ਮਾਂ ਆਪਣੇ ਆਪ ਵਿੱਚ ਇੱਕ ਸੰਪੂਰਨ ਸ਼ਬਦ ਹੈ| ਮਾਂ ਨੂੰ ਕਿਸੇ ਪਰਿਭਾਸ਼ਾ ਦੀ ਲੋੜ ਨਹੀਂ| ਆਪਣੇ ਜੰਮੇਂ ਜਵਾਕ ਦਾ ਦੁੱਖ ਦਰਦ ਉਹ ਉਸਦੇ ਬਿਨਾ ਬੋਲਿਆਂ ਹੀ ਸਮਝ ਲੈਂਦੀ ਹੈ| ਭਾਵੇਂ ਕੋਈ ਵੀ ਰਿਸ਼ਤਾ ਹੋਵੇ ਮਾਂ ਤੋਂ ਉੱਪਰ ਕਿਸੇ ਵੀ ਰਿਸ਼ਤੇ ਨੂੰ ਨਹੀਂ ਮੰਨਿਆ ਜਾਂਦਾ| ਮਾਂ ਅਤੇ ਬੱਚੇ ਦਾ ਰਿਸ਼ਤਾ ਜਨਮ ਦੇਣ ਤੋਂ ਪਹਿਲਾ ਹੀ ਸ਼ੁਰੂ ਹੋ ਜਾਂਦਾ ਹੈ| ਇਸੀ ਵਜਾ ਕਰਕੇ ਬੱਚਿਆਂ ਦਾ ਮੋਹ ਮਾਂ ਨਾਲ ਹੀ ਜ਼ਿਆਦਾ ਹੁੰਦਾ ਹੈ| ਔਖੇ ਵੇਲੇ ਸਭ ਤੋਂ ਪਹਿਲਾ ਮਾਂ ਹੀ ਯਾਦ ਆਉਂਦੀ ਹੈ ਕਿਉਂਕਿ ਮਾਂ ਧੁਰ ਅੰਦਰ ਤਕ ਬੱਚੇ ਨੂੰ ਜਾਣਦੀ ਹੁੰਦੀ ਹੈ| ਉਸਦੀ ਖੁਸ਼ੀ, ਗ਼ਮੀ ਨੂੰ ਉਹ ਸਹਿਜੇ ਹੀ ਪਛਾਣ ਸਕਦੀ ਹੈ|
ਗੱਲ ਕਰਦੇ ਹਾਂ ਰਾਜ ਕਾਕੜਾ ਜੀ ਦੇ ਨਵੇਂ ਰਿਲੀਜ਼ ਹੋਏ ਗੀਤ “ਮਾਂ” ਦੀ| ਦੂਰ ਪ੍ਰਦੇਸਾਂ ਵਿੱਚ ਵਸਦੇ ਪੁੱਤ ਨੂੰ ਜਦ ਮਾਂ ਦੀ ਯਾਦ ਆਉਂਦੀ ਹੈ ਤਾਂ ਉਹ ਫੁੱਟ ਫੁੱਟ ਕੇ ਰੋਣ ਲੱਗਦਾ ਹੈ ਤੇ ਸੋਚਦਾ ਹੈ
“ਜੇ ਮਾਂ ਕੋਲ ਹੁੰਦੀ ਤਾਂ ਜ਼ਰੂਰ ਪੁੱਛਦੀ,
ਅੱਜ ਮੇਰਾ ਪੁੱਤ ਕਿਹੜੀ ਗੱਲ ਤੋਂ ਨਾਰਾਜ਼ ਹੈ”
ਉਹ ਆਪਣੇ ਦੁੱਖ ਵੰਡਣਾ ਚਾਹੁੰਦਾ ਹੈ ਪਰ ਉਸਦੇ ਕੋਲ ਕੰਧਾ ਤੋਂ ਇਲਾਵਾ ਕੋਈ ਹੈ ਹੀ ਨਹੀਂ ਜਿਸ ਨਾਲ ਦੁੱਖ ਸੁਖ ਸਾਂਝੇ ਕਰ ਸਕੇ| ਬੇਰੋਜ਼ਗਾਰੀ ਕਾਰਨ ਪੁੱਤ ਨੂੰ ਰੋਜ਼ਗਾਰ ਖਾਤਰ ਬਾਹਰ ਜਾਣਾ ਪੈਂਦਾ ਹੈ ਕਿ ਬਾਹਰ ਜਾ ਕੇ ਨੋਟਾਂ ਦੇ ਢੇਰ ਕਮਾ ਕੇ ਲਿਆਵੇਗਾ ਪਰ ਪੈਸੇ ਕਮਾਉਣੇ ਇਨੇ ਸੌਖੇ ਨਹੀਂ ਹੁੰਦੇ| ਬੰਦਾ ਕਿਸੇ ਆਪਣੇ ਨਾਲ ਗੱਲ ਕਰਨ ਨੂੰ ਤਰਸ ਜਾਂਦਾ ਹੈ| ਕਈ ਵਾਰੀ ਜਦ ਪ੍ਰਦੇਸੋਂ ਵਾਪਿਸ ਪਰਤਦਾ ਹੈ ਕਾਫੀ ਦੇਰ ਹੋ ਚੁੱਕੀ ਹੁੰਦੀ ਹੈ|
ਅੱਜ ਵਿਸ਼ਵ ਭਰ ਵਿੱਚ ਮਾਂ ਦਾ ਤਿਓਹਾਰ ਮਨਾਇਆ ਜਾ ਰਿਹਾ ਹੈ ਅਤੇ ਇਸੇ ਦਿਨ ਨੂੰ ਸਮਰਪਿਤ ਹੈ ਰਾਜ ਕਾਕੜਾ ਜੀ ਦਾ ਇਹ ਗੀਤ| ਵੈਸੇ ਵੀ ਓਹਨਾ ਨੇ ਹਰ ਵਾਰ ਸੰਜੀਦਾ ਵਿਸ਼ੇ ਉੱਤੇ ਅਰਥਭਰਪੂਰ ਗੀਤ ਗਏ ਹਨ ਅਤੇ ਇਸ ਵਾਰ ਵੀ ਓਹਨਾ ਨੇ ਜਿਸ ਤਰਾਂ ਸ਼ਬਦਾਂ ਨੂੰ ਪਰੋਇਆ ਹੈ ਉਹ ਅੱਖਾਂ ਨਮ ਕਰ ਦਿੰਦਾ ਹੈ| ਇੱਕ ਵਾਰ ਜ਼ਰੂਰ ਇਸ ਗੀਤ ਨੂੰ ਸੁਨਿਓ ਅਤੇ ਸ਼ੇਅਰ ਕਰੋ ਕਿ ਪਤਾ ਕੌਣ ਪਰਦੇਸੀ ਭਰਾ ਇਸ ਤਰਾਂ ਦੀ ਘੜੀ ਦਾ ਸਾਹਮਣਾ ਕਰ ਰਿਹਾ ਹੋਵੇ|
ਯੋਗੇਸ਼ ਵਰਮਾ