ਲਾਟੂ ਜਗੇਗਾ ਨਵੰਬਰ ਮਹੀਨੇ ਦੀ 16 ਤਰੀਕ ਨੂੰ
ਪੰਜਾਬੀ ਫ਼ਿਲਮਾਂ ਅੱਜ ਕਲ ਕਈ ਵੱਖਰੇ ਵੱਖਰੇ ਵਿਸ਼ਿਆਂ ਉੱਤੇ ਬਣਾਈਆਂ ਜਾ ਰਹੀਆਂ ਹਨ| ਜਿਸ ਨਾਲ ਦਰਸ਼ਕਾਂ ਨੂੰ ਵੀ ਨਵੇਂ ਕਿਸਮ ਦਾ ਸਿਨੇਮਾ ਦੇਖਣ ਨੂੰ ਮਿਲ ਰਿਹਾ ਹੈ| ਇਸੇ ਕੜੀ ਨੂੰ ਅੱਗੇ ਵਧਾਉਂਦੇ ਹੋਏ ਨਿਰਦੇਸ਼ਕ ਮਾਨਵ ਸ਼ਾਹ ਨੇ ਇੱਕ ਪਹਿਲ ਕੀਤੀ ਹੈ “ਲਾਟੂ” ਜਗਾਉਣ ਦੀ|
ਗਗਨ ਕੋਕਰੀ ਦੀ ਬਤੌਰ ਅਭਿਨੇਤਾ ਪਹਿਲੀ ਫਿਲਮ ਹੈ ਲਾਟੂ ਜੋਕੇ 16 ਨਵੰਬਰ 2018 ਨੂੰ ਰਿਲੀਜ਼ ਹੋਣ ਜਾ ਰਹੀ ਹੈ| ਫਿਲਮ ਵਿੱਚ ਪੁਰਾਣੇ ਪੰਜਾਬ ਨੂੰ ਇੱਕ ਨਵੇਂ ਢੰਗ ਨਾਲ ਦਿਖਾਇਆ ਗਿਆ ਹੈ| ਫਿਲਮ ਦੇ ਪੋਸਟਰ ਅਤੇ ਟ੍ਰੇਲਰ ਤੋਂ ਕਹਾਣੀ ਦਾ ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ ਹੈ ਕਿ “ਵਿਆਹ ਲਈ ਲਾਟੂ ਜਗਾਉਣਾ ਜ਼ਰੂਰੀ ਹੈ”
ਪੁਰਾਣੇ ਸਮਿਆਂ ਵਿੱਚ ਤਕਨੀਕ ਨੂੰ ਉੱਚੀ ਪਹੁੰਚ ਵਾਲੇ ਲੋਕਾਂ ਦੀ ਨਿਸ਼ਾਨੀ ਸਮਝਿਆ ਜਾਂਦਾ ਸੀ ਜਿਵੇਂ “ਬਲਬ” ਅੱਜ ਭਾਵੇਂ ਇਹ ਆਮ ਜਿਹੀ ਚੀਜ ਲਗਦੀ ਹੈ ਪਰ ਕਿਸੇ ਵੇਲੇ ਇਹ ਵਿਲਾਸਤਾ ਦਾ ਪ੍ਰਤੀਕ ਸੀ| ਫਿਲਮ ਦਾ ਹੀਰੋ ਇਸੇ ਦਾ ਸ਼ਿਕਾਰ ਹੈ ਕਿ ਉਸਦੇ ਪਿੰਡ ਬਲਬ (ਲਾਟੂ) ਜਗਾਉਣ ਵਾਸਤੇ ਬਿਜਲੀ ਨਹੀਂ ਹੈ ਅਤੇ ਕੁੜੀ ਦਾ ਪਿਓ ਉਸਦਾ ਰਿਸ਼ਤਾ ਲਾਟੂ ਜਗਦੇ ਘਰ ਵਿੱਚ ਕਰਨਾ ਚਾਹੁੰਦਾ ਹੈ| ਇਥੋਂ ਤੱਕ ਕਿ ਸਾਡੇ ਹੀਰੋ ਦੇ ਤਾ ਬਿਜਲੀ ਵਾਲੇ ਅਫਸਰ ਵੀ ਸ਼ਰੀਕ ਬਣ ਚੁੱਕੇ ਨੇ| ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਸਦਾ ਹੀਰੋ ਗਗਨ ਕੋਕਰੀ ਲਾਟੂ ਜਗਾਉਣ ਵਿੱਚ ਕਾਮਯਾਬ ਹੁੰਦਾ ਹੈ ਜਾਂ ਨਹੀਂ|
ਫਿਲਮ ਵਿੱਚ ਕਾਫੀ ਮੰਨੇ ਪ੍ਰਮੰਨੇ ਕਲਾਕਾਰ ਦੇਖਣ ਨੂੰ ਮਿਲਣਗੇ ਜਿਵੇਂ ਸਰਦਾਰ ਸੋਹੀ, ਅਨੀਤਾ ਦੇਵਗਨ, ਕਰਮਜੀਤ ਅਨਮੋਲ, ਆਸ਼ੀਸ਼ ਦੁੱਗਲ, ਹਾਰਬੀ ਸਿੰਘ, ਰਾਹੁਲ ਜੁੰਗਰਾਲ,ਹਰਦੀਪ ਗਿੱਲ ਆਦਿ| ਫਿਲਮ ਵਿੱਚ ਗਗਨ ਕੋਕਰੀ ਅਤੇ ਅਦਿਤੀ ਸ਼ਰਮਾ ਦੀ ਜੋੜੀ ਖੂਬ ਜਚ ਰਹੀ ਹੈ|
ਫਿਲਮ ਦੇ ਨਿਰਦੇਸ਼ਕ ਮਾਨਵ ਸ਼ਾਹ ਦੀ ਇਹ ਪਹਿਲੀ ਫਿਲਮ ਹੈ ਅਤੇ ਉਸਨੇ ਪਹਿਲੀ ਹੀ ਫਿਲਮ ਦਾ ਵਿਸ਼ਾ ਬਹੁਤ ਦਿਲਚਸਪ ਚੁਣਿਆ ਹੈ ਜੋ ਕਿ ਇੱਕ ਚੰਗੇ ਨਿਰਦੇਸ਼ਕ ਦੀ ਪਛਾਣ ਹੈ|
ਬਾਕੀ ਆਉਣ ਵਾਲੀ 16 ਨਵੰਬਰ ਨੂੰ ਪਤਾ ਲਗੇਗਾ ਕਿ ਲਾਟੂ ਕਿੰਨੀ ਕੁ ਰੋਸ਼ਨੀ ਛੱਡਦਾ ਹੈ|