ਭੱਜੋ ਵੀਰੋ ਵੇ ਫਿਲਮ ਦੇਖਣ ਤੋਂ ਬਾਅਦ ਕੁਝ ਗੱਲਾਂ ਸਾਫ ਹੋ ਗਈਆਂ ਕਿ ਫਿਲਮ ਦਾ ਅਸਲੀ ਹੀਰੋ ਉਸਦੀ ਕਹਾਣੀ ਹੁੰਦੀ ਹੈ ਜੇ ਤੁਹਾਡੀ ਕਹਾਣੀ ਤੇ ਚੰਗੀ ਪਕੜ ਹੈ ਤਾਂ ਫਿਲਮ ਨੂੰ ਦਰਸ਼ਕਾਂ ਦੇ ਦਿਲਾਂ ਤੇ ਰਾਜ ਕਰਨ ਤੋਂ ਕੋਈ ਨਹੀਂ ਰੋਕ ਸਕਦਾ|
ਅੰਬਰਦੀਪ ਸਿੰਘ ਨੇ ਬਹੁਤ ਪਹਿਲਾਂ ਹੀ ਸਾਬਿਤ ਕਰਤਾ ਸੀ ਕਿ ਉਹ ਇੱਕ ਸੰਭਾਵਨਾਵਾਂ ਦਾ ਭੰਡਾਰ ਹੈ| ਚਾਹੇ ਓਹਨਾ ਦੀ ਕਲਮ ਦੀ ਗੱਲ ਕਰ ਲਈਏ, ਨਿਰਦੇਸ਼ਨ ਦੀ ਜਾਂ ਅਦਾਕਾਰੀ ਦੀ ਉਹ ਹਰ ਪੈਮਾਨੇ ਤੇ ਖਰੇ ਉੱਤਰੇ ਹਨ|
ਇਸ ਵਾਰ ਫਿਲਮ ਭੱਜੋ ਵੀਰੇ ਵੇ ਵਿਚ ਇੱਕ ਵੱਖਰੇ ਕਿਸਮ ਦੀ ਕਾਮੇਡੀ ਅਤੇ ਕਹਾਣੀ ਦੇਖਣ ਨੂੰ ਮਿਲੀ| ਬਹੁਤ ਸਮੇਂ ਬਾਅਦ ਇਹੋ ਜਿਹੀ ਫਿਲਮ ਦੇਖੀ ਜਿਸ ਵਿਚ ਕਲਾਕਾਰ ਆਪਣੀ ਵਾਰੀ ਦਾ ਇੰਤਜ਼ਾਰ ਕਰਦੇ ਨਜ਼ਰ ਨਹੀਂ ਆਏ ਕਿ ਕਦ ਓਹਨਾ ਦਾ ਨੰਬਰ ਆਊਗਾ ਤੇ ਅਸੀਂ ਡਾਇਲਾਗ ਬੋਲਾਂਗੇ|
ਫਿਲਮ ਦੀ ਕਹਾਣੀ ਦੀ ਗੱਲ ਕਰੀਏ ਤਾਂ 4 ਛੜੇ ਭਰਾ ਨੇ| ਵਿਆਹ ਨਾ ਹੋਣ ਕਰਕੇ ਖਿਆਲੀ ਹੀ ਘਰਵਾਲੀ ਅਤੇ ਜਵਾਕ ਖਿਡਾਈ ਜਾਂਦੇ ਹਨ| ਇੱਕ ਭਰਾ ਦਾ ਵਿਆਹ ਹੋਣ ਲਗਦਾ ਹੈ ਤਾਂ ਅੱਗੇ ਪਿੱਛੇ ਕੋਈ ਰਿਸ਼ਤਾ ਨਾਤਾ ਨਾ ਹੋਣ ਕਰਕੇ ਵਿਆਹ ਨਹੀਂ ਸਿਰੇ ਚੜਦਾ| ਹੁਣ ਗੱਲ ਸਿਰਫ ਰਿਸ਼ਤੇਦਾਰ ਲੱਭਣ ਤੇ ਹੈ ਤਾਂਕਿ ਵਿਆਹ ਹੋ ਸਕੇ|
ਕਿਰਦਾਰ ਸਾਰੀ ਫਿਲਮ ਵਿਚ ਇੱਕ ਤੋਂ ਵੱਧ ਇੱਕ ਨੇ| ਹਰਦੀਪ ਗਿੱਲ, ਬਲਵਿੰਦਰ ਬੁਲੇਟ, ਗੁਗੂ ਗਿੱਲ ਸਾਬ, ਸਿਮੀ ਚਾਹਲ, ਹੌਬੀ ਧਾਲੀਵਾਲ, ਨਿਰਮਲ ਰਿਸ਼ੀ ਆਦਿ ਕਲਾਕਾਰਾਂ ਨੇ ਚਾਰ ਚੰਨ ਲਾਏ| ਚਲਦੀ ਫਿਲਮ ਵਿਚ ਇੱਕ ਵੀ ਅਜਿਹਾ ਮੋੜ ਨਹੀਂ ਆਉਂਦਾ ਜੋ ਢਿੱਲਾ ਪੈਂਦਾ ਹੋਵੇ|
ਫਿਲਮ ਵਿਚ ਬੰਦੇ ਮਾਹੌਲ ਨੇ ਖੂਬ ਜੀ ਲਾਕੇ ਰੱਖਿਆ| ਫਿਲਮ ਦਾ ਸਕ੍ਰੀਨਪਲੇ ਇਨਾ ਜ਼ਬਰਦਸਤ ਹੈ ਕੇ ਤੁਹਾਨੂੰ ਮਹਿਸੂਸ ਹੀ ਨਹੀਂ ਹੁੰਦਾ ਕਿ ਦੋ ਘੰਟੇ ਕੀੜਾ ਬੀਤ ਗਏ| ਫਿਲਮ ਵਿਚ ਗੀਤ ਸੰਗੀਤ ਨੂੰ ਸਿਰਫ ਓਨਾ ਕੁ ਹੀ ਵਰਤਿਆ ਗਿਆ ਹੈ ਜਿਨਿ ਕੁ ਲੋੜ ਹੈ| ਹਰ ਗੀਤ ਮਾਹੌਲ ਦੇ ਹਿਸਾਬ ਨਾਲ ਚੰਗਾ ਲਗਦਾ ਹੈ|
ਰਿਧਮ ਬੋਈਜ਼ ਦੀ ਉਂਝ ਤਾ ਹਰ ਫਿਲਮ ਹੀ ਵਖਰੇਵਾਂ ਲਈ ਹੁੰਦੀ ਹੈ ਇਸ ਫਿਲਮ ਨੇ ਵੀ ਇੱਕ ਨਵਾਂ ਟਰੇਂਡ ਸੇਟ ਕਰਨਾ ਹੈ “ਸਿਚੂਅਸ਼ਨਲ ਕਾਮੇਡੀ” ਦਾ|
ਅੰਬਰਦੀਪ ਸਿੰਘ ਨੇ ਜਿਵੇਂ ਅੰਗਰੇਜ ਲਿਖ ਕੇ ਇੱਕ ਦੌਰ ਹੀ ਚਲਾਤਾ ਸੀ ਪੁਰਾਣੇ ਪੰਜਾਬ ਦਾ ਓਸੇ ਤਰਾਂ ਹੀ ਇਸ ਫਿਲਮ ਨਾਲ ਵੀ ਇੱਕ ਦੌਰ ਚਲੇਗਾ ਸੁਚੱਜੀ ਕਾਮੇਡੀ ਫ਼ਿਲਮਾਂ ਦਾ|
ਫਿਲਮ ਵਿਚ ਢੰਗ ਅਨੁਸਾਰ ਹੀ ਕਿਰਦਾਰ, ਸਮਾਂ, ਗੀਤ ਸੰਗੀਤ ਵਰਤੇ ਗਏ ਹਨ ਇਹ ਸਭ ਗੱਲਾਂ ਦੀ ਬਹੁਤ ਲੋੜ ਹੁੰਦੀ ਹੈ ਫਿਲਮ ਨੂੰ ਦਰਸ਼ਕ ਵਰਗ ਨਾਲ ਜੋੜਨ ਲਈ|
ਪੰਜਾਬੀ ਫ਼ਰੰਟ ਵੱਲੋਂ ਫਿਲਮ ਨੂੰ 5 ਵਿਚੋਂ ਸਹਿਜੇ ਹੀ 4 ਸਿਤਾਰੇ ਦਿੱਤੇ ਜਾਂਦੇ ਹਨ |