ਪੰਜਾਬੀ ਸਿਨੇਮਾ ਦਿਨੋ ਦਿਨ ਤਰੱਕੀ ਕਰਦਾ ਜਾ ਰਿਹਾ ਹੈ| ਇਸ ਤਰੱਕੀ ਦੇ ਕਈ ਪਾਤਰ ਬਣਦੇ ਹਨ ਜਿਵੇ ਨਿਰਦੇਸ਼ਕ, ਪ੍ਰੋਡੂਸਰ, ਹੀਰੋ ਆਦਿ| ਸਮਾਂ ਬਦਲਦਾ ਰਹਿੰਦਾ ਹੈ ਅਤੇ ਇਸ ਦੌਰਾਨ ਕਈ ਪਰਿਵਰਤਨ ਲਿਆਉਂਦਾ ਹੈ| ਨਵੀ ਨਵੀ ਰਿਲੀਜ਼ ਹੋਈ ਫਿਲਮ ਮੈਰਿਜ ਪੈਲੇਸ ਦੀ ਗੱਲ ਕਰਦੇ ਹਾਂ, ਇਹ ਫਿਲਮ ਆਪਣੇ ਆਪ ਵਿੱਚ ਬੇਮਿਸਾਲ ਹੈ| ਸ਼ੁਰੂ ਤੋਂ ਜੇ ਸ਼ੁਰੂ ਕਰਦੇ ਹਾਂ ਤਾਂ ਫਿਲਮ ਦੇ ਪ੍ਰੋਡੂਸਰ ਸਾਬ ਹੈਪੀ ਗੋਇਲ ਅਤੇ ਹਰਸ਼ ਗੋਇਲ ਦੀ ਇਹ ਪਹਿਲੀ ਫਿਲਮ ਹੈ | ਪਹਿਲੀ ਵਾਰ ਓਹਨਾ ਨੇ ਕਿਸੇ ਫਿਲਮ ਵਿੱਚ ਪੈਸੇ ਲਾਏ ਹੈ| ਫੇਰ ਗੱਲ ਕਰਦੇ ਹਾਂ ਫਿਲਮ ਦੇ ਨਿਰਦੇਸ਼ਕ ਸੁਨੀਲ ਠਾਕੁਰ ਜੀ ਦੀ| ਠਾਕੁਰ ਸਾਬ ਨੇ ਕਈ ਸਾਲ ਦਿੱਤੇ ਹਨ ਪੰਜਾਬੀ ਫ਼ਿਲਮ ਇੰਡਸਟਰੀ ਨੂੰ ਬਤੌਰ ਕੋਰੀਓਗ੍ਰਾਫਰ| ਓਹਨਾ ਦੀ ਬਤੌਰ ਨਿਰਦੇਸ਼ਕ ਇਹ ਪਹਿਲੀ ਫਿਲਮ ਹੈ| ਕਾਫੀ ਲੰਮੇ ਅਰਸੇ ਤੋਂ ਬਾਅਦ ਸ਼ੈਰੀ ਮਾਨ ਨੂੰ ਮੁੜ ਪਰਦੇ ਤੇ ਦੇਖਣਾ ਵੀ ਇਸ ਫਿਲਮ ਤੋਂ ਹੀ ਮੁਮਕਿਨ ਹੋਇਆ ਹੈ| ਕੁਲ ਮਿਲਾ ਕੇ ਇਹ ਫਿਲਮ ਇੱਕ ਮਜਬੂਤ ਕੜੀ ਸਾਬਿਤ ਹੋਈ ਹੈ ਕਲਾਕਾਰਾਂ ਨੂੰ ਜੋੜਨ ਦੀ|
ਫਿਲਮ ਦੀ ਕਹਾਣੀ ਦੀ ਗੱਲ ਕਰੀਏ ਤਾਂ 1990 ਦੇ ਦਹਾਕੇ ਦੀ ਯਾਦ ਤਾਜ਼ਾ ਕਰਦੀ ਕਹਾਣੀ ਦੀ ਸ਼ੁਰੂਆਤ ਹੁੰਦੀ ਹੈ ਪਿੰਡ ਵਿੱਚ ਰਹਿਣ ਵਾਲੇ ਨਿੰਮੇ ਤੋਂ ਜੋ ਸ਼ਹਿਰ ਵਿੱਚ ਕੈਸਟਾਂ ਭਰਾਉਣ ਆਉਂਦਾ ਹੈ ਅਤੇ ਮਾਣੀ ਨੂੰ ਨੂੰ ਦਿਲ ਦੇ ਬਹਿੰਦਾ ਹੈ| ਇਥੇ ਮਜ਼ੇ ਦੀ ਗੱਲ ਇਹ ਹੈ ਕਿ ਜਿਸ ਦੁਕਾਨ ਤੋਂ ਨਿੰਮਾ ਕੈਸਟਾਂ ਭਰਾਉਂਦਾ ਹੈ ਮਾਣੀ ਓਸੇ ਦੁਕਾਨਦਾਰ ਦੀ ਧੀ ਹੁੰਦੀ ਹੈ| ਫੇਰ ਕਹਾਣੀ ਵਿੱਚ ਢਿੱਡੀ ਪੀੜਾਂ ਪਾਉਣ ਵਾਲੇ ਕਈ ਮੌੜ ਆਉਂਦੇ ਹਨ| ਕਈ ਕਲਾਕਾਰਾਂ ਦੀ ਐਂਟਰੀ ਹੁੰਦੀ ਹੈ| ਜਸਵਿੰਦਰ ਭੱਲਾ,ਬੀ ਐਨ ਸ਼ਰਮਾ, ਨਿਰਮਲ ਰਿਸ਼ੀ, ਸਿਮਰਨ ਸਹਿਜਪਾਲ, ਸੁਮੀਤ ਗੁਲਾਟੀ ਅਸ਼ੋਕ ਪਾਠਕ, ਅਨੀਤਾ ਦੇਵਗਨ ਉਮੰਗ ਸ਼ਰਮਾ ਆਦਿ|ਅੰਤ ਵਿੱਚ ਨਿੰਮਾ ਕਿਵੇਂ ਨਾ ਕਿਵੇਂ ਕਰਕੇ ਮਾਣੀ ਦੇ ਪਿਓ ਨੂੰ ਵਿਆਹ ਲਈ ਮਨਾ ਲੈਂਦਾ ਹੈ ਅਤੇ ਵਿਆਹ ਮੈਰਿਜ ਪੈਲੇਸ ਵਿੱਚ ਹੋਣਾ ਪੱਕਾ ਹੋ ਜਾਂਦਾ ਹੈ| ਪਰ ਕਿਸੇ ਕਹਾਣੀ ਦਾ ਅੰਤ ਇਨਾ ਸੌਖਾਲਾ ਕਿਵੇਂ ਹੋ ਸਕਦਾ ਹੈ| ਮੈਰਿਜ ਪੈਲੇਸ ਵਿੱਚ ਇਕੱਠੇ ਦੋ ਵਿਆਹ ਹੁੰਦੇ ਹਨ ਅਤੇ ਭਗਦੜ ਵਿੱਚ ਦੋਨੋ ਵਹੁਟੀਆਂ ਬਦਲ ਜਾਂਦੀਆਂ ਹਨ| ਬੱਸ ਫੇਰ ਨਿੰਮੇ ਦੀ ਭੱਜ ਦੌੜ ਸ਼ੁਰੂ ਹੋ ਜਾਂਦੀ ਹੈ ਆਪਣੀ ਅਸਲੀ ਵਹੁਟੀ ਨੂੰ ਆਪਣੇ ਘਰ ਲੈ ਕੇ ਆਉਣ ਦੀ|
ਫਿਲਮ ਦੀ ਕਹਾਣੀ ਤੁਹਾਨੂੰ ਇੱਕ ਮਿੰਟ ਲਈ ਵੀ ਬੋਰ ਨਹੀਂ ਕਰਦੀ ਕਿਉਂਕਿ ਹਰ ਸੀਨ ਅਤੇ ਕਿਰਦਾਰ ਇਸ ਤਰਾਂ ਦਾ ਬਣਾਇਆ ਗਿਆ ਹੈ ਕਿ ਅੱਖ ਝਪਕਣ ਨੂੰ ਵੀ ਜੀ ਨਹੀਂ ਕਰਦਾ| ਸਾਰੀ ਫਿਲਮ ਦੇਖਦੇ ਹੋਏ ਚੇਹਰੇ ਤੇ ਹਾਸਾ ਹੀ ਰਹਿੰਦਾ ਹੈ|
ਜਿਥੇ ਫਿਲਮ ਦੀ ਕਹਾਣੀ ਤੁਹਾਨੂੰ ਪੁਰਾਣੇ ਦੌਰ ਵਿੱਚ ਲੈ ਕੇ ਜਾਂਦੀ ਹੈ ਓਥੇ ਹੀ ਫਿਲਮ ਦਾ ਸੰਗੀਤ ਵੀ ਤੁਹਾਨੂੰ ਪੁਰਾਣੇ ਦੌਰ ਵਿੱਚ ਲੈ ਜਾਵੇਗਾ| ਗੁਰਮੀਤ ਸਿੰਘ, ਗਿਫਟ ਰੁਲਰਸ ਅਤੇ ਚੀਤਾ ਦੇ ਸੰਗੀਤ ਵਿੱਚ ਸ਼ੈਰੀ ਮਾਨ ਅਤੇ ਮੰਨਤ ਨੂਰ ਨੇ ਅਵਾਜ਼ਾਂ ਦਿਤੀਆਂ ਹਨ|
ਫਿਲਮ ਦੀ ਓਵਰ ਆਲ ਗੱਲ ਕਰੀਏ ਤਾਂ ਫਿਲਮ ਇੱਕ ਅਰਥਪੂਰਨ ਕਾਮੇਡੀ ਤੇ ਅਧਾਰਿਤ ਹੈ ਅਤੇ ਬਣਦੇ ਹਲਾਤਾਂ ਦੇ ਹਿਸਾਬ ਨਾਲ ਢੁੱਕਦੀ ਹੈ| ਫਿਲਮ ਦਾ ਚਾਹੇ ਕੋਈ ਕਿਰਦਾਰ ਹੋਵੇ ਉਹ ਕਿਸੇ ਦੀ ਆਮ ਜ਼ਿੰਦਗੀ ਨਾਲ ਸਹਿਜੇ ਹੀ ਮਿਲਦਾ ਹੋਵੇਗਾ ਅਤੇ ਆਮ ਜ਼ਿੰਦਗੀ ਦੇ ਕਿਰਦਾਰਾਂ ਨੇ ਮਿਲ ਕੇ ਇਸ ਫਿਲਮ ਨੂੰ ਖਾਸ ਬਣਾ ਦਿੱਤਾ ਹੈ|
ਉਮੀਦ ਕਰਦੇ ਹਾਂ ਪੰਜਾਬੀ ਸਿਨੇਮਾ ਨੂੰ ਇਦਾਂ ਦੇ ਹੀ ਵੱਖਰੇ ਵਿਸ਼ੇ ਮਿਲਦੇ ਰਹਿਣ ਅਤੇ ਸਾਫ ਸੁਥਰੀਆਂ ਅਤੇ ਘਰਦੀਆਂ ਨਾਲ ਬੈਠ ਕੇ ਦੇਖਣ ਵਾਲਿਆਂ ਫ਼ਿਲਮਾਂ ਬਣਦੀਆਂ ਰਹਿਣ|